ਅੱਪਡੇਟ ਕੀਤਾ ਗਿਆ: ਫਰਵਰੀ 2025

ਅਕਸਰ ਪੁੱਛੇ ਜਾਂਦੇ ਸਵਾਲ

Audio file

ਹੇਠਾਂ ਦਿੱਤੇ ਅਕਸਰ ਪੁੱਛੇ ਜਾਂਦੇ ਸਵਾਲ (FAQs) ਭਾਈਚਾਰਕ ਸੰਗਠਨਾਂ ਅਤੇ ਮਜ਼ਦੂਰਾਂ ਦੇ ਆਮ ਸਵਾਲਾਂ ਦੇ ਜਵਾਬ ਦਿੰਦੇ ਹਨ। ਜੇਕਰ ਤੁਹਾਨੂੰ ਹੋਰ ਜਾਣਕਾਰੀ ਦੀ ਲੋੜ ਹੈ, ਤਾਂ ਹਰੇਕ ਭਾਗ ਦੇ ਅੰਤ ਵਿੱਚ ਦਿੱਤੇ ਲਿੰਕਾਂ ਤੇ ਜਾਓ।

ਤਨਖਾਹ ਵਾਲੀ ਬਿਮਾਰੀ ਦੀ ਛੁੱਟੀ

ਕੀ ਗੈਰ-ਦਸਤਾਵੇਜ਼ੀ ਮਜ਼ਦੂਰਾਂ ਨੂੰ ਤਨਖਾਹ ਵਾਲੀ ਬਿਮਾਰੀ ਦੀ ਛੁੱਟੀ ਮਿਲ ਸਕਦੀ ਹੈ?

ਹਾਂ, ਇਮੀਗ੍ਰੇਸ਼ਨ ਸਥਿਤੀ ਤੁਹਾਡੇ ਤਨਖਾਹ ਵਾਲੀ ਬਿਮਾਰੀ ਦੀ ਛੁੱਟੀ ਕਮਾਉਣ ਜਾਂ ਵਰਤਣ ਦੇ ਅਧਿਕਾਰ ਨੂੰ ਪ੍ਰਭਾਵਤ ਨਹੀਂ ਕਰਦੀ।

"40 ਘੰਟੇ ਜਾਂ 5 ਦਿਨ, ਜੋ ਵੀ ਵੱਧ ਹੋਵੇ" ਦਾ ਕੀ ਅਰਥ ਹੈ?

ਤੁਹਾਡੇ ਮਾਲਕ ਨੂੰ ਤੁਹਾਨੂੰ ਪ੍ਰਤੀ ਸਾਲ ਘੱਟੋ-ਘੱਟ 40 ਘੰਟੇ ਜਾਂ 5 ਦਿਨ ਦੀ ਤਨਖਾਹ ਵਾਲੀ ਬਿਮਾਰੀ ਦੀ ਛੁੱਟੀ ਦੇਣੀ ਚਾਹੀਦੀ ਹੈ, ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਕਿਹੜਾ ਤੁਹਾਨੂੰ ਜ਼ਿਆਦਾ ਸਮਾਂ ਛੁੱਟੀ ਦਿੰਦਾ ਹੈ।

ਇਸਦਾ ਮਤਲਬ ਹੈ ਕਿ ਜੇਕਰ ਤੁਸੀਂ ਆਮ ਤੌਰ ਤੇ ਪ੍ਰਤੀ ਦਿਨ 8 ਘੰਟੇ ਤੋਂ ਘੱਟ ਕੰਮ ਕਰਦੇ ਹੋ, ਤਾਂ 40 ਘੰਟੇ ਦੀ ਬਿਮਾਰੀ ਦੀ ਛੁੱਟੀ ਤੁਹਾਨੂੰ 5 ਦਿਨਾਂ ਦੀ ਬਿਮਾਰੀ ਦੀ ਛੁੱਟੀ ਨਾਲੋਂ ਵੱਧ ਸਮਾਂ ਦਿੰਦੀ ਹੈ।

ਪਰ, ਜੇਕਰ ਤੁਸੀਂ ਆਮ ਤੌਰ ਤੇ ਪ੍ਰਤੀ ਦਿਨ 8 ਘੰਟੇ ਤੋਂ ਵੱਧ ਕੰਮ ਕਰਦੇ ਹੋ, ਤਾਂ 5 ਦਿਨਾਂ ਦੀ ਬਿਮਾਰੀ ਦੀ ਛੁੱਟੀ ਤੁਹਾਨੂੰ 40 ਘੰਟਿਆਂ ਦੀ ਬਿਮਾਰੀ ਦੀ ਛੁੱਟੀ ਨਾਲੋਂ ਵੱਧ ਸਮਾਂ ਦਿੰਦੀ ਹੈ।

ਉਦਾਹਰਨਾਂ:

  • ਜੇਕਰ ਤੁਸੀਂ ਪ੍ਰਤੀ ਦਿਨ 6 ਘੰਟੇ ਕੰਮ ਕਰਦੇ ਹੋ:
    5 ਦਿਨਾਂ ਦੀ ਤਨਖਾਹ ਵਾਲੀ ਬਿਮਾਰੀ ਦੀ ਛੁੱਟੀ 30 ਘੰਟੇ ਦੇ ਬਰਾਬਰ ਹੈ (6 ਘੰਟੇ ਪ੍ਰਤੀ ਦਿਨ × 5 ਦਿਨ = 30 ਘੰਟੇ)। ਕਿਉਂਕਿ 40 ਘੰਟੇ ਤੁਹਾਨੂੰ 5 ਦਿਨਾਂ ਨਾਲੋਂ ਵੱਧ ਸਮਾਂ ਛੁੱਟੀ ਦਿੰਦੇ ਹਨ, ਤੁਹਾਨੂੰ 40 ਘੰਟੇ ਦੀ ਤਨਖਾਹ ਵਾਲੀ ਬਿਮਾਰੀ ਦੀ ਛੁੱਟੀ ਮਿਲਣੀ ਚਾਹੀਦੀ ਹੈ।
  • ਜੇਕਰ ਤੁਸੀਂ ਪ੍ਰਤੀ ਦਿਨ 10 ਘੰਟੇ ਕੰਮ ਕਰਦੇ ਹੋ:
    5 ਦਿਨਾਂ ਦੀ ਤਨਖਾਹ ਵਾਲੀ ਬਿਮਾਰੀ ਦੀ ਛੁੱਟੀ 50 ਘੰਟੇ ਦੇ ਬਰਾਬਰ ਹੈ (10 ਘੰਟੇ ਪ੍ਰਤੀ ਦਿਨ × 5 ਦਿਨ = 50 ਘੰਟੇ)। ਕਿਉਂਕਿ 50 ਘੰਟੇ 40 ਘੰਟਿਆਂ ਤੋਂ ਵੱਧ ਹਨ, ਤੁਹਾਨੂੰ 5 ਦਿਨਾਂ ਦੀ ਤਨਖਾਹ ਵਾਲੀ ਬਿਮਾਰੀ ਦੀ ਛੁੱਟੀ ਮਿਲਣੀ ਚਾਹੀਦੀ ਹੈ।

ਮੇਰੀ ਤਨਖਾਹ ਵਾਲੀ ਬਿਮਾਰੀ ਦੀ ਛੁੱਟੀ ਦੇ ਘੰਟੇ ਕਦੋਂ ਰੀਨਿਊ ਹੁੰਦੇ ਹਨ?

ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਹਾਡੇ ਮਾਲਕ ਕੋਲ "ਐਕਰੂਅਲ" ਨੀਤੀ ਹੈ ਜਾਂ "ਅਪ-ਫਰੰਟ" ਨੀਤੀ ਹੈ।

ਇੱਕ ਐਕਰੂਅਲ ਨੀਤੀ ਦੇ ਨਾਲ, ਤੁਸੀਂ ਸਮੇਂ ਦੇ ਨਾਲ ਬਿਮਾਰੀ ਦੀ ਛੁੱਟੀ ਦੇ ਘੰਟੇ ਕਮਾਉਂਦੇ ਹੋ। ਇੱਕ ਅਪ-ਫਰੰਟ ਨੀਤੀ ਦੇ ਨਾਲ, ਤੁਹਾਨੂੰ 12-ਮਹੀਨੇ ਦੀ ਮਿਆਦ ਦੇ ਸ਼ੁਰੂ ਵਿੱਚ ਆਪਣੇ ਸਾਰੇ ਬਿਮਾਰੀ ਦੀ ਛੁੱਟੀ ਦੇ ਘੰਟੇ ਮਿਲਦੇ ਹਨ, ਅਤੇ ਤੁਹਾਡੇ ਘੰਟੇ ਹਰ 12 ਮਹੀਨਿਆਂ ਵਿੱਚ ਰੀਨਿਊ ਹੁੰਦੇ ਹਨ। ਤੁਹਾਡਾ ਮਾਲਕ ਫੈਸਲਾ ਕਰਦਾ ਹੈ ਕਿ 12-ਮਹੀਨੇ ਦੀ ਮਿਆਦ ਕਿਵੇਂ ਨਿਰਧਾਰਤ ਕਰਨੀ ਹੈ, ਪਰ ਇਹ ਆਮ ਤੌਰ ਤੇ ਤੁਹਾਡੀ ਸ਼ੁਰੂਆਤੀ ਤਰੀਕ ਤੇ ਅਧਾਰਤ ਹੁੰਦਾ ਹੈ। ਇਹ ਇੱਕ ਕੈਲੰਡਰ ਸਾਲ ਜਾਂ ਕੋਈ ਹੋਰ 12-ਮਹੀਨੇ ਦੀ ਮਿਆਦ ਵੀ ਹੋ ਸਕਦੀ ਹੈ।

ਐਕਰੂਅਲ ਨੀਤੀ ਕੀ ਹੈ?

ਇੱਕ ਐਕਰੂਅਲ ਪਾਲਿਸੀ ਦੇ ਨਾਲ, ਤੁਸੀਂ ਸਮੇਂ ਦੇ ਨਾਲ ਬਿਮਾਰੀ ਦੀ ਛੁੱਟੀ ਕਮਾਉਂਦੇ ਹੋ। ਆਮ ਤੌਰ ਤੇ, ਮਜ਼ਦੂਰ ਹਰ 30 ਘੰਟੇ ਕੰਮ ਕਰਨ ਤੇ 1 ਘੰਟੇ ਦੀ ਤਨਖਾਹ ਵਾਲੀ ਬਿਮਾਰੀ ਦੀ ਛੁੱਟੀ ਕਮਾਉਂਦੇ ਹਨ। ਕਮਾਏ ਘੰਟੇ ਅਗਲੇ ਸਾਲ ਤੱਕ ਜਾ ਸਕਦੇ ਹਨ।

ਉਦਾਹਰਨ:
ਜੇਕਰ ਤੁਸੀਂ 60 ਘੰਟੇ ਕੰਮ ਕਰਦੇ ਹੋ, ਤਾਂ ਤੁਹਾਨੂੰ 2 ਘੰਟੇ ਦੀ ਤਨਖਾਹ ਵਾਲੀ ਬਿਮਾਰੀ ਦੀ ਛੁੱਟੀ ਮਿਲੇਗੀ (ਕੰਮ ਕੀਤੇ ਹਰ 30 ਘੰਟਿਆਂ ਲਈ 1 ਘੰਟਾ)। ਤੁਸੀਂ ਲੋੜ ਅਨੁਸਾਰ ਇਹਨਾਂ 2 ਘੰਟਿਆਂ ਦੀ ਬਿਮਾਰੀ ਦੀ ਛੁੱਟੀ ਦੀ ਵਰਤੋਂ ਕਰ ਸਕਦੇ ਹੋ। ਜਿਵੇਂ-ਜਿਵੇਂ ਤੁਸੀਂ ਕੰਮ ਕਰਨਾ ਜਾਰੀ ਰੱਖਦੇ ਹੋ, ਤੁਹਾਨੂੰ ਹੋਰ ਬਿਮਾਰੀ ਦੀ ਛੁੱਟੀ ਮਿਲੇਗੀ।

ਯਾਦ ਰੱਖੋ: 
ਭਾਵੇਂ ਤੁਹਾਨੂੰ ਤੁਰੰਤ ਬਿਮਾਰੀ ਦੀ ਛੁੱਟੀ ਮਿਲਣੀ ਸ਼ੁਰੂ ਹੋ ਜਾਂਦੀ ਹੈ, ਤੁਸੀਂ ਇਸਨੂੰ ਉਦੋਂ ਤੱਕ ਨਹੀਂ ਵਰਤ ਸਕਦੇ ਜਦੋਂ ਤੱਕ ਤੁਸੀਂ ਉਸੇ ਮਾਲਕ ਨਾਲ 90 ਦਿਨ ਕੰਮ ਨਹੀਂ ਕਰਦੇ।

ਅਪ-ਫਰੰਟ ਨੀਤੀ ਕੀ ਹੈ?

ਇੱਕ ਅਪ-ਫਰੰਟ ਨੀਤੀ ਦੇ ਨਾਲ, ਤੁਹਾਨੂੰ 12-ਮਹੀਨੇ ਦੀ ਮਿਆਦ ਦੇ ਸ਼ੁਰੂ ਵਿੱਚ ਆਪਣੇ ਸਾਰੇ ਬਿਮਾਰੀ ਦੀ ਛੁੱਟੀ ਦੇ ਘੰਟੇ ਮਿਲਦੇ ਹਨ, ਅਤੇ ਤੁਹਾਡੇ ਘੰਟੇ ਹਰ 12 ਮਹੀਨਿਆਂ ਵਿੱਚ ਰੀਨਿਊ ਹੁੰਦੇ ਹਨ। ਤੁਹਾਡਾ ਮਾਲਕ ਫੈਸਲਾ ਕਰਦਾ ਹੈ ਕਿ 12-ਮਹੀਨੇ ਦੀ ਮਿਆਦ ਕਿਵੇਂ ਨਿਰਧਾਰਤ ਕਰਨੀ ਹੈ, ਪਰ ਇਹ ਆਮ ਤੌਰ ਤੇ ਤੁਹਾਡੀ ਸ਼ੁਰੂਆਤੀ ਤਰੀਕ ਤੇ ਅਧਾਰਤ ਹੁੰਦਾ ਹੈ। ਇਹ ਇੱਕ ਕੈਲੰਡਰ ਸਾਲ ਜਾਂ ਕੋਈ ਹੋਰ 12-ਮਹੀਨੇ ਦੀ ਮਿਆਦ ਵੀ ਹੋ ਸਕਦੀ ਹੈ।

ਉਦਾਹਰਨ:
ਜੇਕਰ ਤੁਹਾਡਾ ਮਾਲਕ 12-ਮਹੀਨੇ ਦੀ ਮਿਆਦ ਨਿਰਧਾਰਤ ਕਰਨ ਲਈ ਤੁਹਾਡੀ ਸ਼ੁਰੂਆਤੀ ਤਰੀਕ ਦੀ ਵਰਤੋਂ ਕਰਦਾ ਹੈ, ਅਤੇ ਤੁਹਾਡਾ ਪਹਿਲਾ ਦਿਨ 15 ਜੂਨ ਸੀ, ਤਾਂ ਤੁਹਾਨੂੰ ਹਰ ਸਾਲ 15 ਜੂਨ ਨੂੰ ਬਿਮਾਰੀ ਦੀ ਛੁੱਟੀ ਦੇ ਘੰਟਿਆਂ ਦੀ ਕੁੱਲ ਮਾਤਰਾ ਪ੍ਰਾਪਤ ਹੋਵੇਗੀ।

ਉਦਾਹਰਨ: 
ਜੇਕਰ ਤੁਹਾਡਾ ਮਾਲਕ ਤੁਹਾਡੀ 12-ਮਹੀਨੇ ਦੀ ਮਿਆਦ ਨਿਰਧਾਰਤ ਕਰਨ ਲਈ ਇੱਕ ਕੈਲੰਡਰ ਸਾਲ ਦੀ ਵਰਤੋਂ ਕਰਦਾ ਹੈ, ਤਾਂ ਤੁਹਾਨੂੰ ਹਰ ਸਾਲ 1 ਜਨਵਰੀ ਨੂੰ ਬਿਮਾਰੀ ਦੀ ਛੁੱਟੀ ਦੇ ਘੰਟਿਆਂ ਦੀ ਕੁੱਲ ਮਾਤਰਾ ਪ੍ਰਾਪਤ ਹੋਵੇਗੀ।

ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੇਰਾ ਮਾਲਕ ਇੱਕ ਐਕਰੂਅਲ ਜਾਂ ਅਪ-ਫ੍ਰੰਟ ਪਾਲਿਸੀ ਵਰਤਦਾ ਹੈ?

ਤੁਹਾਨੂੰ ਆਪਣੇ ਮਾਲਕ ਜਾਂ ਮਨੁੱਖੀ ਸਰੋਤ (ਐਚ ਆਰ) ਤੋਂ ਇੱਕ ਹੈਂਡਬੁੱਕ ਪ੍ਰਾਪਤ ਹੋਣੀ ਚਾਹੀਦੀ ਸੀ। ਇਸ ਹੈਂਡਬੁੱਕ ਨੂੰ ਕਈ ਵਾਰ "ਪਾਲਿਸੀ ਹੈਂਡਬੁੱਕ" ਜਾਂ "ਇਮਪਲੋਈ ਹੈਂਡਬੁੱਕ" ਕਿਹਾ ਜਾਂਦਾ ਹੈ। ਇਸ ਵਿੱਚ ਤਨਖਾਹ ਵਾਲੀ ਬਿਮਾਰੀ ਦੀ ਛੁੱਟੀ ਬਾਰੇ ਇੱਕ ਭਾਗ ਸ਼ਾਮਲ ਹੋਣਾ ਚਾਹੀਦਾ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਤੁਹਾਡੀ ਤਨਖਾਹ ਵਾਲੀ ਬਿਮਾਰੀ ਦੀ ਛੁੱਟੀ ਦੇ ਘੰਟੇ ਕਿਵੇਂ ਕਮਾਏ ਜਾਂਦੇ ਹਨ। ਜੇਕਰ ਤੁਹਾਡੇ ਕੋਈ ਸਵਾਲ ਹਨ ਤਾਂ ਆਪਣੇ ਸੁਪਰਵਾਈਜ਼ਰ ਜਾਂ ਐਚ ਆਰ ਨਾਲ ਗੱਲ ਕਰੋ।

ਜੇਕਰ ਮੈਂ ਖੇਤ ਮਜ਼ਦੂਰ ਠੇਕੇਦਾਰ ਲਈ ਕੰਮ ਕਰਦਾ ਹਾਂ, ਤਾਂ ਕੀ ਮੈਂ ਤਨਖਾਹ ਵਾਲੀ ਬਿਮਾਰੀ ਦੀ ਛੁੱਟੀ ਲਈ ਯੋਗ ਹਾਂ?

ਹਾਂ, ਠੇਕੇਦਾਰ ਤੁਹਾਡਾ ਮਾਲਕ ਹੈ ਅਤੇ ਜੇਕਰ ਤੁਸੀਂ ਤਨਖਾਹ ਵਾਲੀ ਬਿਮਾਰੀ ਦੀ ਛੁੱਟੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹੋ ਤਾਂ ਉਹਨਾਂ ਨੂੰ ਤਨਖਾਹ ਵਾਲੀ ਬਿਮਾਰੀ ਦੀ ਛੁੱਟੀ ਦੇਣੀ ਚਾਹੀਦੀ ਹੈ।

ਜੇਕਰ ਮੈਂ ਇੱਕ ਮੌਸਮੀ ਵਰਕਰ ਹਾਂ ਅਤੇ ਉਸੇ ਮਾਲਕ ਕੋਲ ਵਾਪਸ ਜਾਂਦਾ ਹਾਂ, ਤਾਂ ਕੀ ਮੈਂ ਆਪਣੇ ਦੁਆਰਾ ਕਮਾਏ ਗਏ ਤਨਖਾਹ ਵਾਲੀ ਬਿਮਾਰੀ ਦੀ ਛੁੱਟੀ ਦੇ ਘੰਟੇ ਗੁਆ ਦੇਵਾਂਗਾ?

ਜੇਕਰ ਤੁਸੀਂ 12 ਮਹੀਨਿਆਂ ਦੇ ਅੰਦਰ ਉਸੇ ਮਾਲਕ ਕੋਲ ਵਾਪਸ ਆਉਂਦੇ ਹੋ, ਤਾਂ ਉਹਨਾਂ ਨੂੰ ਕਿਸੇ ਵੀ ਅਣਵਰਤੀ ਬਿਮਾਰੀ ਦੀ ਛੁੱਟੀ ਨੂੰ ਬਹਾਲ ਕਰਨਾ ਚਾਹੀਦਾ ਹੈ।

ਉਦਾਹਰਨ:
ਜਰਨੈਲ ਇੱਕ ਮੌਸਮੀ ਵਰਕਰ ਹੈ। ਉਸਨੇ ਇੱਕ ਮਾਲਕ ਲਈ 60 ਦਿਨ ਕੰਮ ਕੀਤਾ ਅਤੇ 8 ਘੰਟੇ ਦੀ ਤਨਖਾਹ ਵਾਲੀ ਬਿਮਾਰੀ ਦੀ ਛੁੱਟੀ ਪ੍ਰਾਪਤ ਕੀਤੀ। ਜਦੋਂ ਉਹ 12 ਮਹੀਨਿਆਂ ਦੇ ਅੰਦਰ ਹੋਰ 60 ਦਿਨ ਕੰਮ ਤੇ ਵਾਪਸ ਆਉਂਦਾ ਹੈ, ਤਾਂ ਮਾਲਕ ਨੂੰ ਪਹਿਲਾਂ ਕਮਾਏ 8 ਘੰਟੇ ਦੀ ਤਨਖਾਹ ਵਾਲੀ ਬਿਮਾਰੀ ਦੀ ਛੁੱਟੀ ਨੂੰ ਬਹਾਲ ਕਰਨਾ ਚਾਹੀਦਾ ਹੈ।

ਵਿਸਤਾਰ ਵਿੱਚ ਜਾਣਕਾਰੀ ਲਈ DIR ਦੀ ਵੈੱਬਸਾਈਟ ਤੇ ਜਾਓ:

ਮਜ਼ਦੂਰੀ ਮੁਆਵਜ਼ਾ (ਵਰਕਰਜ਼ ਕੰਪਨਸੇਸ਼ਨ)

ਕੀ ਗੈਰ-ਦਸਤਾਵੇਜ਼ੀ ਮਜ਼ਦੂਰ ਮਜ਼ਦੂਰੀ ਮੁਆਵਜ਼ਾ ਲਾਭ ਪ੍ਰਾਪਤ ਕਰ ਸਕਦੇ ਹਨ?

ਹਾਂ, ਇਮੀਗ੍ਰੇਸ਼ਨ ਸਥਿਤੀ ਇਹਨਾਂ ਲਾਭਾਂ ਦੇ ਤੁਹਾਡੇ ਅਧਿਕਾਰ ਨੂੰ ਪ੍ਰਭਾਵਤ ਨਹੀਂ ਕਰਦੀ।

ਮਜ਼ਦੂਰੀ ਮੁਆਵਜ਼ਾ ਕਲੇਮ ਦਰਜ ਕਰਨ ਦੀ ਆਖਰੀ ਤਰੀਕ ਕੀ ਹੈ?

ਤੁਹਾਨੂੰ ਸੱਟ ਜਾਂ ਬਿਮਾਰੀ ਦੇ 30 ਦਿਨਾਂ ਦੇ ਅੰਦਰ ਆਪਣਾ ਕਲੇਮ ਦਰਜ ਕਰਨ ਦੀ ਲੋੜ ਹੈ। ਜੇਕਰ ਸੱਟ ਜਾਂ ਬਿਮਾਰੀ ਵੱਧ ਸਮਾਂ ਲਾ ਕੇ ਹੋਈ ਹੈ, ਤਾਂ ਜਿਵੇਂ ਹੀ ਤੁਹਾਨੂੰ ਲੱਗਦਾ ਹੈ ਕਿ ਇਹ ਕੰਮ ਨਾਲ ਸਬੰਧਤ ਹੈ, ਇਸਦੀ ਰਿਪੋਰਟ ਕਰੋ।

ਉਦਾਹਰਨਾਂ:

  • ਤੁਹਾਡੇ ਮੋਢੇ ਤੇ ਭਾਰੀਆਂ ਚੀਜ਼ਾਂ ਦੇ ਡੱਬੇ ਚੁੱਕਦੇ ਸਮੇਂ ਸੱਟ ਲੱਗ ਗਈ ਸੀ। ਸੱਟ ਲੱਗਣ ਦੇ 30 ਦਿਨਾਂ ਦੇ ਅੰਦਰ ਕਲੇਮ ਦਰਜ ਕਰੋ।
  • ਫਸਲਾਂ ਦੀ ਵਾਢੀ ਲਈ ਕਈ ਸਾਲਾਂ ਤੱਕ ਝੁਕਣ ਤੋਂ ਬਾਅਦ ਤੁਹਾਨੂੰ ਪਿੱਠ ਵਿੱਚ ਤੇਜ਼ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਹੀ ਤੁਹਾਨੂੰ ਲੱਗਦਾ ਹੈ ਕਿ ਇਹ ਕੰਮ ਨਾਲ ਸਬੰਧਤ ਹੈ, ਇਸਦੀ ਰਿਪੋਰਟ ਕਰੋ।

ਜੇਕਰ ਮੇਰਾ ਮਾਲਕ ਮੈਨੂੰ ਕਲੇਮ ਫਾਰਮ ਨਹੀਂ ਦਿੰਦਾ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?

ਤੁਸੀਂ ਇਥੋਂ ਇੱਕ ਫਾਰਮ ਡਾਊਨਲੋਡ ਅਤੇ ਪ੍ਰਿੰਟ ਕਰ ਸਕਦੇ ਹੋ https://www.dir.ca.gov/dwc/DWCForm1.pdf

ਕੀ ਮੈਂ ਆਪਣੀ ਕੰਮ ਨਾਲ ਸਬੰਧਤ ਸੱਟ ਲਈ ਆਪਣੇ ਡਾਕਟਰ ਨੂੰ ਮਿਲ ਸਕਦਾ ਹਾਂ?

ਤੁਹਾਨੂੰ ਆਪਣੇ ਮਾਲਕ ਦੁਆਰਾ ਚੁਣੇ ਗਏ ਡਾਕਟਰ ਜਾਂ ਮੈਡੀਕਲ ਸਮੂਹ ਕੋਲ ਜਾਣਾ ਚਾਹੀਦਾ ਹੈ ਜਦੋਂ ਤੱਕ ਕਿ ਤੁਸੀਂ ਜ਼ਖਮੀ ਹੋਣ ਤੋਂ ਪਹਿਲਾਂ ਆਪਣੇ ਡਾਕਟਰ ਨੂੰ "ਪਹਿਲਾਂ ਤੋਂ ਹੀ ਨਿਰਧਾਰਤ" ਨਹੀਂ ਕੀਤਾ ਸੀ। ਇਸਦਾ ਮਤਲਬ ਹੈ ਕਿ ਤੁਸੀਂ ਆਪਣੇ ਮਾਲਕ ਨੂੰ ਪਹਿਲਾਂ ਹੀ ਲਿਖਤੀ ਰੂਪ ਵਿੱਚ ਦੱਸਿਆ ਸੀ ਕਿ ਜੇਕਰ ਤੁਹਾਨੂੰ ਕੰਮ ਤੇ ਸੱਟ ਲੱਗੀ ਹੈ ਤਾਂ ਤੁਸੀਂ ਆਪਣੇ ਡਾਕਟਰ ਨੂੰ ਮਿਲਣਾ ਚਾਹੁੰਦੇ ਹੋ।

ਜੇਕਰ ਤੁਸੀਂ ਕੰਮ ਨਾਲ ਸਬੰਧਤ ਸੱਟਾਂ ਲਈ ਆਪਣੇ ਡਾਕਟਰ ਨੂੰ ਮਿਲਣਾ ਚਾਹੁੰਦੇ ਹੋ, ਤਾਂ ਇਸ ਫਾਰਮ ਦੀ ਵਰਤੋਂ ਕਰਕੇ ਆਪਣੇ ਮਾਲਕ ਨੂੰ ਸੂਚਿਤ ਕਰੋ: Predesignation of Personal Physician.

ਜੇਕਰ ਮੇਰੇ ਮਾਲਕ ਕੋਲ ਮਜ਼ਦੂਰੀ ਮੁਆਵਜ਼ਾ ਬੀਮਾ ਨਹੀਂ ਹੈ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?

ਮਦਦ ਲਈ (800) 736-7401 ਤੇ ਵਰਕਰਜ਼ ਕੰਪਨਸੇਸ਼ਨ ਡਿਵੀਜ਼ਨ ਨੂੰ ਕਾਲ ਕਰੋ। ਉਹ ਤੁਹਾਡੇ ਹੋਰ ਹੱਲਾਂ ਬਾਰੇ ਦੱਸ ਸਕਦੇ ਹਨ, ਜਿਵੇਂ ਕਿ ਅਨਇੰਸ਼ੋਰਡ ਇੰਪਲਾਇਰਜ਼ ਬੈਨੀਫਿਟ ਟਰੱਸਟ ਫੰਡ (UEBTF), ਕੈਲੀਫੋਰਨੀਆ ਵਿੱਚ ਇੱਕ ਪ੍ਰੋਗਰਾਮ ਹੈ ਜੋ ਮਜ਼ਦੂਰਾਂ ਦੇ ਮੁਆਵਜ਼ੇ ਲਈ ਭੁਗਤਾਨ ਕਰਨ ਵਿੱਚ ਮਦਦ ਕਰਦਾ ਹੈ ਜੇਕਰ ਤੁਹਾਡੇ ਮਾਲਕ ਕੋਲ ਮਜ਼ਦੂਰੀ ਮੁਆਵਜ਼ਾ ਬੀਮਾ ਨਹੀਂ ਹੈ।

ਕੀ ਮੇਰਾ ਮਾਲਕ ਮਜ਼ਦੂਰੀ ਮੁਆਵਜ਼ਾ ਬੀਮੇ ਦਾ ਭੁਗਤਾਨ ਕਰਨ ਲਈ ਮੇਰੇ ਚੈੱਕ ਦਾ ਹਿੱਸਾ ਲੈ ਸਕਦਾ ਹੈ?

ਨਹੀਂ, ਕੋਈ ਮਾਲਕ ਤੁਹਾਨੂੰ ਮਜ਼ਦੂਰੀ ਮੁਆਵਜ਼ਾ ਬੀਮੇ ਦੇ ਖਰਚੇ ਦਾ ਭੁਗਤਾਨ ਕਰਨ ਲਈ ਮਦਦ ਕਰਨ ਨੂੰ ਨਹੀਂ ਕਹਿ ਸਕਦਾ।

ਵਿਸਤਾਰ ਵਿੱਚ ਜਾਣਕਾਰੀ ਲਈ ਵਰਕਰਜ਼ ਕੰਪਨਸੇਸ਼ਨ ਡਿਵੀਜ਼ਨ ਦੀ ਵੈੱਬਸਾਈਟ ਤੇ ਜਾਓ:

ਬਦਲਾ (ਰਿਟਾਲੀਏਸ਼ਨ) ਸੁਰੱਖਿਆ

ਕੀ ਗੈਰ-ਦਸਤਾਵੇਜ਼ੀ ਮਜ਼ਦੂਰ ਰਿਟਾਲੀਏਸ਼ਨ ਦੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ?

ਹਾਂ, ਸਾਰੇ ਮਜ਼ਦੂਰ, ਇਮੀਗ੍ਰੇਸ਼ਨ ਸਥਿਤੀ ਦੀ ਪਰਵਾਹ ਕੀਤੇ ਬਿਨਾਂ, ਰਿਟਾਲੀਏਸ਼ਨ ਤੋਂ ਸੁਰੱਖਿਅਤ ਹਨ ਅਤੇ ਰਿਟਾਲੀਏਸ਼ਨ ਦੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

ਕੀ ਮੈਨੂੰ ਰਿਟਾਲੀਏਸ਼ਨ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਸੋਸ਼ਲ ਸਕਿਉਰਿਟੀ ਨੰਬਰ ਜਾਂ ਫੋਟੋ ਆਈਡੀ ਦੀ ਲੋੜ ਹੈ?

ਤੁਹਾਨੂੰ ਸੋਸ਼ਲ ਸਕਿਉਰਿਟੀ ਨੰਬਰ ਜਾਂ ਫੋਟੋ ਆਈਡੀ ਦੀ ਲੋੜ ਨਹੀਂ ਹੈ।

ਰਿਟਾਲੀਏਸ਼ਨ ਦੀ ਸ਼ਿਕਾਇਤ ਦਰਜ ਕਰਨ ਦੀ ਆਖਰੀ ਤਰੀਕ ਕੀ ਹੈ?

ਜ਼ਿਆਦਾਤਰ ਸ਼ਿਕਾਇਤਾਂ ਰਿਟਾਲੀਏਸ਼ਨ ਦੇ 1 ਸਾਲ ਦੇ ਅੰਦਰ ਦਰਜ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਸੁਰੱਖਿਅਤ ਗਤੀਵਿਧੀਆਂ (ਪ੍ਰੋਟੈਕਟਿਡ ਐਕਟਿਵਿਟੀਜ਼) ਕੀ ਹਨ?

ਸੁਰੱਖਿਅਤ ਗਤੀਵਿਧੀਆਂ ਉਹ ਕਾਰਵਾਈਆਂ ਹਨ ਜੋ ਤੁਹਾਨੂੰ ਕੰਮ ਤੇ ਸਜ਼ਾ ਦੇ ਡਰ ਤੋਂ ਬਿਨਾਂ ਕਰਨ ਦੀ ਇਜਾਜ਼ਤ ਹੈ। ਉਦਾਹਰਣ ਵਜੋਂ, ਤਨਖਾਹ ਦਾ ਕਲੇਮ ਦਰਜ ਕਰਨਾ, ਅਸੁਰੱਖਿਅਤ ਕੰਮ ਕਰਨ ਦੀਆਂ ਸਥਿਤੀਆਂ ਦੀ ਰਿਪੋਰਟ ਕਰਨਾ, ਜਾਂ ਖਤਰਨਾਕ ਕੰਮ ਕਰਨ ਤੋਂ ਇਨਕਾਰ ਕਰਨਾ, ਇਹ ਸਾਰੀਆਂ ਸੁਰੱਖਿਅਤ ਗਤੀਵਿਧੀਆਂ ਹਨ।

ਜੇਕਰ ਤੁਹਾਡਾ ਮਾਲਕ ਤੁਹਾਨੂੰ ਨੌਕਰੀ ਤੋਂ ਕੱਢਦਾ ਹੈ, ਤੁਹਾਨੂੰ ਧਮਕੀ ਦਿੰਦਾ ਹੈ, ਜਾਂ ਤੁਹਾਡੇ ਨਾਲ ਫਰਕ ਕਰਦਾ ਹੈ ਕਿਉਂਕਿ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੁਰੱਖਿਅਤ ਗਤੀਵਿਧੀਆਂ ਕੀਤੀਆਂ ਹਨ, ਤਾਂ ਤੁਸੀਂ ਲੇਬਰ ਕਮਿਸ਼ਨਰ ਦਫ਼ਤਰ ਵਿੱਚ ਸ਼ਿਕਾਇਤ ਦਰਜ ਕਰਵਾ ਸਕਦੇ ਹੋ।

ਲੇਬਰ ਕਮਿਸ਼ਨਰ ਦੁਆਰਾ ਲਾਗੂ ਕੀਤੀਆਂ ਜਾਣ ਵਾਲੀਆਂ ਸੁਰੱਖਿਅਤ ਗਤੀਵਿਧੀਆਂ ਦੀ ਸੂਚੀ ਦੇਖਣ ਲਈ ਇੱਥੇ ਕਲਿੱਕ ਕਰੋ Click here

ਰਿਟਾਲੀਏਸ਼ਨ ਅਤੇ ਭੇਦ-ਭਾਵ ਵਿੱਚ ਕੀ ਅੰਤਰ ਹੈ?

ਰਿਟਾਲੀਏਸ਼ਨ ਉਦੋਂ ਹੁੰਦੀ ਹੈ ਜਦੋਂ ਕੋਈ ਮਾਲਕ ਕਿਸੇ ਮਜ਼ਦੂਰ ਨੂੰ ਉਸਦੇ ਮਜ਼ਦੂਰ ਅਧਿਕਾਰਾਂ (ਜਿਸਨੂੰ ਸੁਰੱਖਿਅਤ ਗਤੀਵਿਧੀਆਂ ਵੀ ਕਿਹਾ ਜਾਂਦਾ ਹੈ) ਦੀ ਵਰਤੋਂ ਕਰਨ ਲਈ ਸਜ਼ਾ ਦਿੰਦਾ ਹੈ। ਭੇਦ-ਭਾਵ ਉਦੋਂ ਹੁੰਦਾ ਹੈ ਜਦੋਂ ਕਿਸੇ ਨਾਲ ਅਨੁਚਿਤ ਵਿਵਹਾਰ ਕੀਤਾ ਜਾਂਦਾ ਹੈ, ਉਹਨਾਂ ਦੇ ਕਿਰਦਾਰ ਦੇ ਅਧਾਰ ਤੇ।

ਰਿਟਾਲੀਏਸ਼ਨ ਦੀਆਂ ਉਦਾਹਰਨਾਂ:

  • ਇੱਕ ਖੇਤੀਬਾੜੀ ਮਜ਼ਦੂਰ ਆਪਣੇ ਮਾਲਕ ਜਾਂ ਕੈਲ/ਓਸ਼ਾ (Cal/OSHA) ਵਰਗੀ ਸਰਕਾਰੀ ਏਜੰਸੀ ਨੂੰ ਅਸੁਰੱਖਿਅਤ ਕੰਮ ਕਰਨ ਦੀਆਂ ਸਥਿਤੀਆਂ ਦੀ ਰਿਪੋਰਟ ਕਰਦਾ ਹੈ। ਜਵਾਬ ਵਿੱਚ, ਮਾਲਕ ਮਜ਼ਦੂਰ ਨੂੰ ਨੌਕਰੀ ਤੋਂ ਕੱਢ ਦਿੰਦਾ ਹੈ ਜਾਂ ਉਸਦੇ ਘੰਟੇ ਘਟਾ ਕੇ ਜਾਂ ਉਸਦੀ ਤਨਖਾਹ ਵਿੱਚ ਕਟੌਤੀ ਕਰਕੇ ਉਸਨੂੰ ਸਜ਼ਾ ਦਿੰਦਾ ਹੈ।
  • ਇੱਕ ਖੇਤੀਬਾੜੀ ਮਜ਼ਦੂਰ ਡਾਕਟਰੀ ਮੁਲਾਕਾਤ ਲਈ ਤਨਖਾਹ ਵਾਲੀ ਬਿਮਾਰੀ ਦੀ ਛੁੱਟੀ ਦੀ ਵਰਤੋਂ ਕਰਨ ਲਈ ਕਹਿੰਦਾ ਹੈ। ਜਵਾਬ ਵਿੱਚ, ਮਾਲਕ ਉਨ੍ਹਾਂ ਦੀ ਸ਼ਿਫਟ ਸ਼ਡਿਊਲ ਨੂੰ ਬਦਲ ਕੇ ਜਾਂ ਉਨ੍ਹਾਂ ਦੇ ਕੰਮ ਦੇ ਘੰਟੇ ਘਟਾ ਕੇ ਬਦਲਾ ਲੈਂਦਾ ਹੈ।
  • ਇੱਕ ਖੇਤੀਬਾੜੀ ਮਜ਼ਦੂਰ ਅਨੁਚਿਤ ਵਿਵਹਾਰ ਜਾਂ ਅਸੁਰੱਖਿਅਤ ਕੰਮ ਕਰਨ ਦੀਆਂ ਸਥਿਤੀਆਂ ਦੀ ਰਿਪੋਰਟ ਕਰਦਾ ਹੈ ਅਤੇ ਬਾਅਦ ਵਿੱਚ ਉਸਨੂੰ ਮੌਸਮੀ ਕੰਮ ਤੇ ਵਾਪਸ ਨਹੀਂ ਰੱਖਿਆ ਜਾਂਦਾ।

ਭੇਦ-ਭਾਵ ਦੀਆਂ ਉਦਾਹਰਨਾਂ:

  • ਇੱਕ ਖੇਤੀਬਾੜੀ ਮਜ਼ਦੂਰ ਨੂੰ ਉਸਦੀ ਜਾਤ ਜਾਂ ਲਿੰਗ ਦੇ ਕਾਰਨ ਉਹੀ ਕੰਮ ਕਰਨ ਲਈ ਦੂਜੇ ਮਜ਼ਦੂਰਾਂ ਨਾਲੋਂ ਘੱਟ ਤਨਖਾਹ ਦਿੱਤੀ ਜਾਂਦੀ ਹੈ।
  • ਇੱਕ ਖੇਤੀਬਾੜੀ ਮਜ਼ਦੂਰ ਨੂੰ ਉਸਦੀ ਜਾਤ ਦੇ ਕਾਰਨ ਨਾਲ ਕੰਮ ਕਰਦੇ ਵਿਅਕਤੀਆਂ ਜਾਂ ਸੁਪਰਵਾਈਜ਼ਰਾਂ ਵੱਲੋਂ ਮਾੜੇ ਨਾਵਾਂ ਨਾਲ ਬੁਲਾਇਆ ਜਾਂਦਾ ਹੈ ਜਾਂ ਬੁਰਾ ਵਿਵਹਾਰ ਕੀਤਾ ਜਾਂਦਾ ਹੈ।
  • ਕਿਸੇ ਖੇਤੀਬਾੜੀ ਮਜ਼ਦੂਰ ਨੂੰ ਉਸਦੀ ਜਾਤ ਜਾਂ ਲਿੰਗ ਦੇ ਆਧਾਰ ਤੇ ਕਿਸੇ ਅਹੁਦੇ ਤੇ ਨਹੀਂ ਰੱਖਿਆ ਜਾਂਦਾ, ਭਾਵੇਂ ਉਹ ਨੌਕਰੀ ਲਈ ਯੋਗਤਾਵਾਂ ਪੂਰੀਆਂ ਕਰਦਾ ਹੋਵੇ।

ਵਿਸਤਾਰ ਵਿੱਚ ਜਾਣਕਾਰੀ ਲਈ DIR ਦੀ ਵੈੱਬਸਾਈਟ ਤੇ ਜਾਓ:

ਵਾਪਸ
Audio file